ਆਕਲੈਂਡ, 9 ਜੂਨ 2025 — ਨਿਊਜ਼ੀਲੈਂਡ ਵਿੱਚ ਵੱਸਦੇ ਲੱਖਾਂ ਭਾਰਤੀ ਪ੍ਰਵਾਸੀਆਂ ਲਈ ਇੱਕ ਉਮੀਦ ਭਰੀ ਖ਼ਬਰ ਕੱਲ੍ਹ ਐਤਵਾਰ ਨੂੰ ਆਉਣ ਦੀ ਸੰਭਾਵਨਾ ਹੈ। ਸਰਕਾਰ ਵੱਲੋਂ ਮਾਪਿਆਂ ਨੂੰ ਵਿਜ਼ਟਰ ਵੀਜ਼ਾ ’ਤੇ ਪੰਜ ਸਾਲ ਤੱਕ ਨਿਊਜ਼ੀਲੈਂਡ ਵਿੱਚ ਰਹਿਣ ਦੀ ਇਜਾਜ਼ਤ ਦੇਣ ਵਾਲੀ ਨਵੀਂ ਇਮੀਗ੍ਰੇਸ਼ਨ ਪਾਲਿਸੀ ਦਾ ਐਲਾਨ ਕੀਤਾ ਜਾ ਸਕਦਾ ਹੈ।
ਇਹ ਮਾਮਲਾ ਕਈ ਸਾਲਾਂ ਤੋਂ ਭਾਰਤੀ ਭਾਈਚਾਰੇ, ਖਾਸਕਰ ਸੁਪਰੀਮ ਸਿੱਖ ਸੁਸਾਇਟੀ ਆਫ਼ ਨਿਊਜ਼ੀਲੈਂਡ ਵੱਲੋਂ ਲਗਾਤਾਰ ਚੁੱਕਿਆ ਜਾਂਦਾ ਰਿਹਾ ਹੈ। ਪਿਛਲੇ ਕੁਝ ਚੋਣੀ ਹਾਲਾਤਾਂ ਦੌਰਾਨ ਵੀ ਇਹ ਮੰਗ ਮੁੱਖ ਰਾਜਨੀਤਿਕ ਪਾਰਟੀਆਂ ਦੇ ਨੇਤਾਵਾਂ ਸਾਹਮਣੇ ਜ਼ੋਰਦਾਰ ਢੰਗ ਨਾਲ ਰੱਖੀ ਗਈ। ਹੁਣ ਜਾ ਕੇ ਲੱਗਦਾ ਹੈ ਕਿ ਸਰਕਾਰ ਵੱਲੋਂ ਇਸ ਮਾਮਲੇ ਉੱਤੇ ਗੰਭੀਰਤਾ ਨਾਲ ਕਾਰਵਾਈ ਕੀਤੀ ਜਾ ਰਹੀ ਹੈ।
ਹਾਲੇ ਵੀ ਕਈ ਸਵਾਲ ਬਾਕੀ ਹਨ
ਇਹ ਪਾਲਿਸੀ ਭਾਵੇਂ ਵੱਡਾ ਕਦਮ ਹੈ, ਪਰ ਕੁਝ ਅਹੰਕਾਰਪੂਰਨ ਪ੍ਰਸ਼ਨ ਅਜੇ ਵੀ ਅਣਸੁੱਲਝੇ ਹਨ:
ਮਾਪਿਆਂ ਲਈ ਬੀਮਾ ਦੀ ਲਾਗਤ ਕਿੰਨੀ ਹੋਵੇਗੀ? ਵੀਜ਼ਾ ਫੀਸ ਦਾ ਨਵਾਂ ਢਾਂਚਾ ਕੀ ਹੋਵੇਗਾ? ਸਪੌਂਸਰ ਕਰਨ ਵਾਲੇ ਬੱਚਿਆਂ ਦੀ ਘੱਟੋ ਘੱਟ ਤਨਖਾਹ ਦੀ ਮਿਣ੍ਹਾ ਕੀ ਹੋਵੇਗੀ? ਮੈਡੀਕਲ ਇਤਿਹਾਸ ਵਾਲੇ ਅਰਜ਼ੀਦਾਤਿਆਂ ਲਈ ਕੀ ਪਾਬੰਦੀਆਂ ਹੋਣਗੀਆਂ? ਉਮਰ ਸੀਮਾ, ਰਹਾਇਸ਼ ਦੀ ਅਧਿਕਤਮ ਮਿਆਦ, ਅਤੇ ਨਵੀਨਤਾ ਦੀ ਯੋਜਨਾ?
ਇਨ੍ਹਾਂ ਸਾਰਿਆਂ ਉੱਤੇ ਪੁਰੀ ਜਾਣਕਾਰੀ ਕੱਲ ਐਤਵਾਰ ਦੇ ਐਲਾਨ ਤੋਂ ਬਾਅਦ ਹੀ ਸਾਫ ਹੋਵੇਗੀ।
ਪ੍ਰਵਾਸੀ ਭਾਈਚਾਰੇ ਲਈ ਆਸ ਦੀ ਕਿਰਨ
ਇਹ ਪਾਲਿਸੀ ਸਿਰਫ ਇੱਕ ਕਾਨੂੰਨੀ ਕਦਮ ਨਹੀਂ, ਸਗੋਂ ਇੱਕ ਸਮਾਜਕ ਇਨਸਾਫ਼ ਵਾਂਗ ਲਿਆ ਜਾ ਰਿਹਾ ਹੈ। ਇਹ ਦਰਸਾਉਂਦੀ ਹੈ ਕਿ ਨਿਊਜ਼ੀਲੈਂਡ ਦੀ ਸਰਕਾਰ ਇਮੀਗ੍ਰੇਸ਼ਨ ਨੀਤੀਆਂ ਵਿੱਚ ਪਰਿਵਾਰਕ ਮੁੱਲਾਂ ਨੂੰ ਤਰਜੀਹ ਦੇਣ ਲਈ ਤਿਆਰ ਹੈ। ਸੁਪਰੀਮ ਸਿੱਖ ਸੁਸਾਇਟੀ ਅਤੇ ਹੋਰ ਭਾਈਚਾਰਕ ਸੰਗਠਨਾਂ ਦੀ ਲਗਾਤਾਰ ਕੋਸ਼ਿਸ਼ਾਂ ਦੇ ਨਤੀਜੇ ਵਜੋਂ ਇਹ ਸੰਭਾਵਿਤ ਐਲਾਨ ਇੱਕ ਵੱਡੀ ਜਿੱਤ ਮੰਨੀ ਜਾ ਰਹੀ ਹੈ।
ਨੋਟ: ਸਰਕਾਰੀ ਐਲਾਨ ਆਉਣ ਦੇ ਤੁਰੰਤ ਬਾਅਦ ਪੂਰੀ ਪਾਲਿਸੀ ਅਤੇ ਲਾਗੂ ਹੋਣ ਵਾਲੇ ਨਿਯਮਾਂ ਦੀ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਜਾਵੇਗੀ।