ਕੁਰਾਲੀ, 9 ਜੂਨ: ਸਥਾਨਕ ਖਾਲਸਾ ਅਕਾਲ ਪੁਰਖ ਕੀ ਫੌਜ ਗੱਤਕਾ ਅਕੈਡਮੀ ਦੇ ਖਿਡਾਰੀਆਂ ਨੇ ਰਾਜ ਪੱਧਰੀ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਇਨਾਮ ਜਿੱਤ ਕੇ ਕੁਰਾਲੀ ਸ਼ਹਿਰ ਦਾ ਨਾਮ ਰੋਸ਼ਨ ਕੀਤਾ।
ਇਸ ਜਿੱਤ ਦੀ ਜਾਣਕਾਰੀ ਅਕੈਡਮੀ ਦੇ ਚੇਅਰਮੈਨ ਗਿਆਨੀ ਸੀਤਲ ਸਿੰਘ ਅਤੇ ਜਥੇਦਾਰ ਹਰਮਨਜੋਤ ਸਿੰਘ ਨੇ ਦਿੰਦਿਆਂ ਦੱਸਿਆ ਕਿ ਇਹ ਮੁਕਾਬਲੇ ਬਸਮਾਂ (ਮੋਹਾਲੀ) ਵਿਖੇ 1984 ਦੇ ਸਿੱਖ ਸ਼ਹੀਦਾਂ ਦੀ ਯਾਦ ਵਿੱਚ ਆਯੋਜਿਤ ਕੀਤੇ ਗਏ ਸਨ। ਇਨ੍ਹਾਂ ਮੁਕਾਬਲਿਆਂ ਵਿੱਚ ਪੰਜਾਬ ਦੀਆਂ ਚੋਟੀ ਦੀਆਂ 10 ਟੀਮਾਂ ਨੇ ਭਾਗ ਲਿਆ।
ਸ਼ਸਤਰ ਪ੍ਰਦਰਸ਼ਨ ਸ਼੍ਰੇਣੀ ਵਿੱਚ ਕੁਰਾਲੀ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਕੋਚ ਰਘਬੀਰ ਸਿੰਘ, ਹਰਮਨਜੋਤ ਸਿੰਘ, ਰਾਜਬੀਰ ਸਿੰਘ ਅਤੇ ਤਲਵਿੰਦਰ ਸਿੰਘ ਨੇ ਖਿਡਾਰੀਆਂ ਦੀ ਸਖ਼ਤ ਮਿਹਨਤ ਅਤੇ ਸਮਰਪਣ ਦੀ ਸਿਫ਼ਤ ਕਰਦੇ ਹੋਏ ਕਿਹਾ ਕਿ ਇਹ ਸਫਲਤਾ ਉਨ੍ਹਾਂ ਦੀ ਲਗਨ ਦਾ ਨਤੀਜਾ ਹੈ।
ਗੱਤਕਾ ਕੋਚ ਪਰਵਿੰਦਰ ਕੌਰ ਨੇ ਦੱਸਿਆ ਕਿ ਪੰਜਾਬ ਦੇ 10 ਜ਼ਿਲਿਆਂ ਦੀਆਂ ਟੀਮਾਂ ਨੇ ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲਿਆ ਅਤੇ ਕੁਰਾਲੀ ਦੀ ਟੀਮ ਨੇ ਸੋਨ ਮੈਡਲ ਹਾਸਲ ਕਰਕੇ ਉਤਕ੍ਰਿਸ਼ਟਤਾ ਦਾ ਪਰਚਮ ਲਹਿਰਾਇਆ।
ਕੁਰਾਲੀ ਵਾਪਸੀ ’ਤੇ, ਖਿਡਾਰੀਆਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਰਾਜਵੀਰ ਸਿੰਘ ਅਤੇ ਜਗਦੀਸ਼ ਸਿੰਘ ਖਾਲਸਾ ਨੇ ਵੀ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ।