
30 ਅਕਤੂਬਰ 1748 ਵਾਲੇ ਦਿਨ ਮੀਰ ਮੰਨੂ ਅਤੇ ਅਦੀਨਾ ਬੇਗ ਨੇ ਦੀਵਾਲੀ ਦੇ ਤਿਉਹਾਰ’ਤੇ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ,ਰਾਮ ਰੌਣੀ ਦੇ ਕਿਲ੍ਹੇ, ਨੂੰ ਘੇਰਾ ਪਾ ਲਿਆ ਇਸ ਵੇਲੇ ਕਿਲ੍ਹੇ ਦੇ ਅੰਦਰ ਦੋ ਹਜ਼ਾਰ ਦੇ ਕਰੀਬ ਸਿੰਘ ਮੋਜੂਦ ਸਨ:
ਗੁਰਦੀਪ ਸਿੰਘ ਜਗਬੀਰ ( ਡਾ.)
ਸੰਨ 1747 ਨੂੰ ਖਾਲਸੇ ਦੇ ਪ੍ਰਗਟ ਸਥਪਣਾ ਦਿਵਸ ਭਾਵ ਵਿਸਾਖੀ’ਤੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਿੱਖਾਂ ਦਾ ਭਾਰੀ ਇਕੱਠ ਹੋਇਆ।ਇਹ ਇਕੱਠ ਉਸ ਵਕਤ ਇਤਿਹਾਸਕ ਹੋ ਨਿੱਬੜਿਆ ਜਦੋ ਇਸ ਇਕੱਠ ਵਿਚ ਪੁੱਜੇ ਉਘੇ ਸਿੱਖ ਆਗੂਆਂ ਅਤੇ ਸ਼ਖਸੀਅਤਾ ਨੇ ਸਰਬ ਸਹਿਮਤੀ ਦੇ ਨਾਲ ਮਤਾ ਕੀਤਾ ਕਿ ਆਪਣੀ ਤਾਕਤ ਨੂੰ ਵਧਾਉਣ ਦੇ ਲਈ, ਸ੍ਰੀ ਅੰਮ੍ਰਿਤਸਰ ਸ਼ਹਿਰ ਅਤੇ ਸ੍ਰੀ ਹਰਮੰਦਰ ਸ਼ਾਹਿਬ ਦੀ ਰਾਖੀ ਦੇ ਲਈ ਅਤੇ ਸਿੱਖਾਂ ਦੇ ਬਚਾਓ ਦੇ ਲਈ ਸਾਨੂੰ ਆਪਣੇ ਕਿਲ੍ਹੇ ਉਸਾਰਨੇ ਚਾਹੀਦੇ ਹਨ। ਸਿੱਖਾਂ ਵਲੋਂ ਕਿਲ੍ਹਿਆਂ ਦੀ ਘਾਟ ਕਾਰਨ ਹੀ ਜਦੋਂ ਵੀ ਸਿੱਖਾਂ ਦੇ ਪਵਿੱਤਰ ਗੁਰ ਅਸਥਾਨਾਂ ਅਤੇ ਸ਼ਹਿਰਾਂ’ ਤੇ ਮੁਗਲਾਂ ਵੱਲੋ ਹਮਲੇ ਹੁੰਦੇ ਹਨ ਤਾਂ ਸਿੰਘਾਂ ਕੋਲ ਆਪਣੇ ਬਚਾਓ ਜਾਂ ਇਨ੍ਹਾਂ ਮੁਗ਼ਲਾਂ ਦਾ ਮੁਕ਼ਾਬਲਾ ਕਰਣ ਦੇ ਲਈ ਕੋਈ ਠੇਸ ਗੜ੍ਹੀ ਜਾ ਕਿਲ੍ਹਾ ਨਾ ਹੋਣ ਕਾਰਣ ਸਿੱਖਾਂ ਨੂੰ ਜੰਗਲਾਂ ਚੋਂ ਨਿਕਲ ਕੇ ਇਨ੍ਹਾਂ ਜ਼ਾਲਮਾਂ ਦਾ ਟਾਕਰਾ ਕਰਨਾ ਪੈਂਦਾ ਹੈ ਪਰ ਉਦੋਂ ਤੱਕ ਕੌਮ ਦਾ ਜਾਨੀ ਮਾਲੀ ਬਹੁਤ ਨੁਕਸਾਨ ਹੋ ਜਾਂਦਾ ਹੈ।ਸੋ 1747 ਦੇ ਇਸ ਇਤਿਹਾਸਕ ਦਿਹਾੜੇ ਭਾਈ ਸੁਖਾ ਸਿੰਘ , ਮਾੜੀ ਕੰਬੋਕੀ ਦੀ ਰਾਏ ਹੇਠ ਸਰਬਸੰਮਤੀ ਨਾਲ ਇਹ ਫ਼ੈਸਲਾ ਹੋਇਆ ਕਿ ਪਹਿਲਾ ਕਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ ਹੀ ਉਸਾਰਿਆ ਜਾਵੇ ਸੋ 30 ਮਾਰਚ 1747 ਨੂੰ ਸ੍ਰੀ ਅੰਮ੍ਰਿਤਸਰ ਸ਼ਹਿਰ ਦੀ ਪੂਰਬ ਵਾਲੀ ਬਾਹੀ ਵੱਲ ਇਕ ਕੱਚੀ ਗੜ੍ਹੀ ਦਾ ਨੀਂਹ ਪੱਥਰ ਰੱਖਕੇ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਸਿੰਘਾਂ ਵਲੋਂ ਕੁਝ ਹੀ ਵਕਤ ਦੇ ਵਿੱਚ 500 ਯੋਧਿਆਂ ਦੇ ਰਹਿਣ ਲਈ ਇੱਕ ਗੜ੍ਹੀ ਤਿਆਰ ਕਰ ਲਈ ਗਈ ।ਸ਼ੁਰੂ ਦੇ ਵਿੱਚ ਇਸੇ ਨੂੰ ਗੜ੍ਹੀ ਹੀ ਕਿਹਾ ਗਿਆ ਅਤੇ ਇਸ ਗੜ੍ਹੀ ਦਾ ਨਾਂ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪਵਿੱਤਰ ਨਾਮ ਦੇ ਨਾਲ ਰੱਖਿਆ ਗਿਆ ਸੋ ਇੰਜ ਇਸ ਗੜ੍ਹੀ ਦਾ ਨਾਂ ‘ਰਾਮਰੌਣੀ’ ਰੱਖਿਆ ਗਿਆ।
1748 ਸਾਲ ਦੇ ਦੋਰਾਨ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ਉਤੇ ਪਹਿਲੀ ਵਾਰ ਹਮਲਾ ਕੀਤਾ ਤਾਂ ਮੁਈਨ-ਉਲ-ਮੁਲਕ ਦੀ ਕਮਾਨ ਹੇਠ ਇਸ ਦੀਆਂ ਫੌਜਾਂ ਨੇ ਮਨੂੰਪੁਰ ਦੇ ਮੁਕਾਮ’ ਤੇ ਇਸ ਨੂੰ ਭਾਰੀ ਹਾਰ ਦਿੱਤੀ।ਮੁਈਨ-ਉਲ-ਮੁਲਕ , ਮੀਰ-ਮੰਨੂ ਦੇ ਖਿਤਾਬ ਦੇ ਨਾਲ ਹੀ ਪੰਜਾਬ ਦਾ ਗਵਰਨਰ ਬਣਾਇਆ ਗਿਆ।
ਮੀਰ ਮਨੂੰ ਸਿੱਖਾਂ ਦੀ ਵਧਦੀ ਤਾਕਤ ਤੋਂ ਪਹਿਲਾਂ ਹੀ ਖੌਫ਼ਜ਼ਦਾ ਸੀ ਪਰ ਜਦੋਂ ਉਸ ਨੂੰ ਪਤਾ ਲੱਗਾ ਕਿ ਸਿੰਘਾਂ ਵੱਲੋਂ ਰਾਮ ਰੌਣੀ ਦਾ ਕਿਲ੍ਹਾ ਉਸਾਰ ਲਿਆ ਗਿਆ ਹੈ ਤਾਂ ਉਹ ਹੋਰ ਘਬਰਾ ਗਿਆ। ਆਪਣੀ ਗੱਦੀ ਨੂੰ ਖਤਰੇ ਵਿੱਚ ਵੇਖ ਕੇ ਉਸ ਨੇ ਆਪਣੇ ਵਜੂਦ ਨੂੰ ਕਾਇਮ ਰੱਖਣ ਦੇ ਲਈ ਸਿੱਖਾਂ ਨੂੰ ਹੀ ਖਤਮ ਕਰਨ ਦੀ ਯੋਜਨਾਂ ਬਣਾ ਲਈ। ਕਨੂੰਨ ਅਤੇ ਅਮਨ ਕਾਇਮ ਰੱਖਣ ਦੇ ਬਹਾਨੇ ਦੇ ਨਾਲ ਉਸਨੇ ਸਿੰਘਾਂ ਦੇ ਕਤਲੇ-ਆਮ ਦਾ ਹੁਕਮ ਦੇ ਕੇ ਇਲਾਕੇ ਵਿੱਚ ਗਸ਼ਤੀ ਫ਼ੌਜ ਭੇਜ ਦਿੱਤੀ।।ਕੁਝ ਸਿੰਘ ਜਿੱਥੇ ਜੰਗਲਾਂ ਵਿਚ ਰੁਪੋਸ਼ ਹੋ ਗਏ ਉਥੇ ਕੁਝ ਚੋਣਵੇਂ ਸਿੰਘ ਯੋਧੇ ਮੀਰ ਮਨੂੰ ਦੀਆਂ ਫੌਜਾਂ ਦਾ ਮੁਕਾਬਲਾ ਕਰਨ ਦੇ ਲਈ ਰਾਮ ਰੌਣੀ ਵਿੱਖੇ ਇੱਕਠੇ ਹੋ ਗਏ।
ਮੀਰ ਮਨੂੰ ਨੂੰ ਇਸ ਗਲ ਦੀ ਖਬਰ ਮਿਲਦੇ ਹੀ ਉਸਨੇ ਆਪਣੀਆਂ ਫੋਜਾਂ ਨੂੰ ਹੁਕਮ ਭੇਜੇ ਕੇ ਰਾਮ ਰੌਣੀ ਨੂੰ ਘੇਰ ਲਿਆ ਜਾਵੇ। ਇਧਰ ਅਦੀਨਾ ਬੇਗ ਨੂੰ ਵੀ ਆਪਣੀ ਫੋਜਾਂ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪੁੱਜਣ ਦੇ ਲਈ ਕਿਹਾ ਗਿਆ।ਇਸ ਵਕਤ ਅਦੀਨਾ ਬੇਗ ਦੀ ਫ਼ੌਜ ਵਿੱਚ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਆਪਣੀਆਂ ਫੌਜਾਂ ਦੇ ਨਾਲ ਇਸ ਦੀਆਂ ਫੌਜਾਂ ਵਿੱਚ ਕੰਮ ਕਰਦੇ ਸਨ ਸੋ ਸਰਦਾਰ ਜਸਾ ਸਿੰਘ ਰਾਮੜ੍ਹੀਆ ਵੀ ਉਸ ਵਕਤ ਅਦੀਨਾ ਬੇਗ ਦੇ ਨਾਲ ਸਨ ਜਦੋਂ ਰਾਮ ਰੌਣੀ ਨੂੰ ਘੇਰੇ ਵਿਚ ਲਿਆ ਗਿਆ।
ਇਹ ਘੇਰਾ ਤਕਰੀਬਨ ਪੰਜ ਮਹੀਨੇ ਪਿਆ ਰਿਹਾ। ਆਲਮ ਇਹ ਹੋ ਗਿਆ ਕੇ, ਰਾਮ ਰੌਣੀ ਦੇ ਅੰਦਰ ਸਿੰਘਾਂ ਕੋਲ਼ ਰਾਸ਼ਨ ਅਤੇ ਹੋਰ ਰੋਜ਼ਾਨਾਂ ਦੀਆਂ ਲੋੜੀਂਦੀਆਂ ਵਸਤੂਆਂ ਮੁੱਕਣ ਲਗ ਪਈਆਂ ਅਤੇ ਸਿੰਘਾਂ ਦੀ ਹਾਲਤ ਮਾੜੀ ਹੋਣ ਲਗ ਪਈ। ਇੰਨ੍ਹੇ ਨੂੰ ਕਿਲ੍ਹੇ ਅੰਦਰਲੇ ਸਿੰਘਾਂ ਨੂੰ ਖਬਰ ਮਿਲੀ ਕਿ ਮੁਗਲ ਫੋਜਾਂ ਵਿਚ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਵੀ ਆਪਣੇ ਸਾਥੀ ਯੋਧਿਆਂ ਦੇ ਨਾਲ ਸ਼ਾਮਲ ਹੈ ਤਾਂ ਕਿਲ੍ਹੇ ਦੇ ਅੰਦਰੋ ਸਿੰਘਾਂ ਨੇ ਸਰਦਾਰ ਜਸਾ ਸਿੰਘ ਰਾਮੜ੍ਹੀਆ ਨੂੰ ਸੰਦੇਸ਼ਾ ਘਲਿਆ ਕਿ ਇਸ ਮੁਸੀਬਤ ਦੀ ਘੜੀ ਉਹ ਆਪਣੇ ਭਰਾਵਾਂ ਦੀ ਮਦਦ ਕਰ ਕੇ ਆਪਣਾ ਸਿੱਖੀ ਫ਼ਰਜ਼ ਨਭਾਵੇ। ਸਿੱਖੀ ਫ਼ਰਜ਼ ਦੇ ਵਾਸਤੇ ਦੇ ਨਾਲ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਨੇ ਮੁਗਲ ਫੋਜਾਂ ਦਾ ਸਾਥ ਛੱਡਕੇ ਕਿਲ੍ਹੇ ਅੰਦਰ ਫ਼ਸੇ ਸਿੰਘਾਂ ਨੂੰ ਪੈਗ਼ਾਮ ਭੇਜਿਆ ਕੇ ਉਹ ਇਸ ਮੁਸ਼ਕਿਲ ਦੇ ਵਕਤ ਆਪਣੇ ਗੁਰੂ ਭਾੲੀਅਾਂ ਦੇ ਨਾਲ ਹੈ। ਤੁਸੀਂ ਅੰਦਰੋ ਹਮਲਾ ਬੋਲੋ ਮੈ ਬਾਹਰੋ ਇਨ੍ਹਾਂ ਨੂੰ ਘੇਰਦਾ ਹਾਂ। ਇੰਜ ਸਿੱਖ ਫੋਜਾਂ ਦੇ ਹੌਂਸਲੇ ਦੁਗਣੇ ਹੋ ਗਏ ਅਤੇ ਮੁਗਲ ਫੋਜਾਂ ਦੇ ਹੌਂਸਲੇ ਪਸਤ ਹੋ ਗਏ।
ਇਤਨੇ ਵਿੱਚ ਮੀਰ ਮਨੂੰ ਨੂੰ ਖਬਰ ਮਿਲੀ ਕੇ ਅਹਿਮਦ ਸ਼ਾਹ ਅਬਦਾਲ਼ੀ ਮੁੜ ਹਮਲਾ ਕਰਣ ਦੇ ਲਈ ਕੂਚ ਕਰ ਚੁੱਕਾ ਹੈ।ਇਸ ਖਬਰ ਦੇ ਨਾਲ ਹੀ ਮੀਰ ਮੰਨੂ ਡਰ ਗਿਆ ਅਤੇ ਉਸਨੇ ਸਿੱਖਾਂ ਨਾਲ ਸਮਝੌਤਾ ਕਰਨ ਵਿੱਚ ਹੀ ਖ਼ੈਰ ਸਮਝੀ। ਸੋ ਉਸਨੇ ਦਿਵਾਨ ਕੌੜਾ ਮੱਲ ਜਿਸਨੂੰ ਸਿੰਘ ਮਿੱਠਾ ਮਲ ਕਹਿੰਦੇ ਸਨ ਦੇ ਵਿੱਚ ਪੈਣ ਤੋਂ ਬਾਅਦ ਸਿੱਖਾਂ ਨਾਲ ਸਮਝੋਤਾ ਕਰ ਲਿਆ ਅਤੇ ਰਾਮ ਰੌਣੀ ਦਾ ਘੇਰਾ ਚੁੱਕ ਲਿਆ ਗਿਆ।
ਸਿੱਖ ਸਰਦਾਰਾਂ ਨੇ ਜਿੱਥੇ ਇਸ ਜਿੱਤ ਦੀ ਬਹੁਤ ਖੁਸ਼ੀ ਮਨਾਈ ਉਥੇ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੀ ਇਸ ਔਖੇ ਵਕਤ ਕੌਮ ਦੀ ਮਦਦ ਕਰਨ ਲਈ ਇਤਨੀ ਪ੍ਰਸ਼ੰਸਾ ਕੀਤੀ ਕੇ ਰਾਮ ਰੌਣੀ ਦੀ ਜੱਥੇਦਾਰੀ ਹੀ ਸਰਦਾਰ ਜਸਾ ਸਿੰਘ ਰਾਮੜ੍ਹੀਆ ਨੂੰ ਸੌਂਪ ਦਿੱਤੀ।
ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਨੇ ਗੜ੍ਹੀ ਦੀ ਜੱਥੇਦਾਰੀ ਮਿਲਣ ਤੋਂ ਬਾਅਦ ਇਸ ਰਾਮ ਰੌਣੀ ਨੂੰ ਇਕ ਵਿਸ਼ਾਲ ਪੱਕੇ ਕਿਲ੍ਹੇ ਦੀ ਸ਼ਕਲ ਵਿੱਚ ਤਬਦੀਲ ਕਰ ਕੇ ਇਸਦਾ ਨਾਮ ‘ਰਾਮਗੜ੍ਹ ‘ ਰੱਖ ਦਿੱਤਾ।





