ਗੁਰਦਾਸਪੁਰ, 3 ਜੂਨ 2025: ਗੁਰਦਾਸਪੁਰ ਦੇ ਪਿੰਡ ਪੱਖੋਕੇ ਮਹਿਮਾਰਾ ਵਿੱਚ ਅੱਜ ਦੁਖਦਾਈ ਮਾਹੌਲ ਦਿਖਾਈ ਦਿੱਤਾ ਜਦੋਂ ਸਾਊਦੀ ਅਰਬ ਵਿੱਚ ਦਿਲ ਦਾ ਦੌਰਾ ਪੈਣ ਨਾਲ ਮਾਰੇ ਗਏ 35 ਸਾਲਾ ਵਿਲੀਅਮ ਮਸੀਹ ਦੀ ਮ੍ਰਿਤਕ ਦੇਹ 25 ਦਿਨਾਂ ਬਾਅਦ ਮਾਤ ਭੂਮੀ ’ਚ ਪਹੁੰਚੀ। ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਦੀਆਂ ਅੱਖਾਂ ਵਿੱਚ ਅੱਥਰੂਆਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਸੀ।
ਵਿਲੀਅਮ ਮਸੀਹ, ਜੋ ਕਿ ਪਿਛਲੇ 10 ਸਾਲਾਂ ਤੋਂ ਸਾਊਦੀ ਅਰਬ ਦੀ ਇੱਕ ਕੰਪਨੀ ’ਚ ਡਰਾਈਵਰ ਵਜੋਂ ਕੰਮ ਕਰ ਰਿਹਾ ਸੀ, 10 ਮਈ ਨੂੰ ਦਿਲ ਦੇ ਦੌਰੇ ਕਾਰਨ ਅਕਸਮਾਤ ਮੌਤ ਦਾ ਸ਼ਿਕਾਰ ਹੋ ਗਿਆ। ਮਸੀਹ ਆਗੂ ਜਗੀਰ ਮਸੀਹ ਅਤੇ ਮ੍ਰਿਤਕ ਦੇ ਵੱਡੇ ਭਰਾ ਸੈਮੂਏਲ ਮਸੀਹ ਨੇ ਦੱਸਿਆ ਕਿ ਵਿਲੀਅਮ ਕੁਝ ਮਹੀਨੇ ਪਹਿਲਾਂ ਹੀ ਇੰਡੀਆ ਤੋਂ ਛੁੱਟੀ ਮਨਾ ਕੇ ਵਾਪਸ ਗਿਆ ਸੀ।
ਸੇਂਟ ਜੌਰਜ ਕੈਥਲਿਕ ਚਰਚ ਵਿਖੇ ਫਾਦਰ ਮੈਥਿਊ ਕੀਪਰਥ ਨੇ ਜਨਾਜਾ ਅਦਾਇਗੀ ਕਰਵਾਈ, ਜਿਸ ਉਪਰੰਤ ਉਸ ਦੀ ਮ੍ਰਿਤਕ ਦੇਹ ਨੂੰ ਪਿੰਡ ਦੇ ਕਬਰਸਤਾਨ ਵਿੱਚ ਦਫਨਾਇਆ ਗਿਆ।
ਮ੍ਰਿਤਕ ਵਿਲੀਅਮ ਮਸੀਹ ਆਪਣੇ ਪਿੱਛੇ ਪਤਨੀ, 14 ਸਾਲਾ ਬੇਟੀ ਅਤੇ 10 ਸਾਲਾ ਬੇਟਾ ਛੱਡ ਗਿਆ ਹੈ। ਪਰਿਵਾਰ ਨੇ ਉਸ ਦੀ ਮੌਤ ਨੂੰ ਇਕ ਅਣਮਿਟ ਛੋਹ ਕਰਾਰ ਦਿੰਦਿਆਂ ਕਿਹਾ ਕਿ ਉਹ ਰੋਜ਼ੀ-ਰੋਟੀ ਦੀ ਖਾਤਰ ਵਿਦੇਸ਼ ਗਿਆ ਸੀ, ਪਰ ਕਦੇ ਸੋਚਿਆ ਨਹੀਂ ਸੀ ਕਿ ਲਾਸ਼ ਦੇ ਰੂਪ ਵਿੱਚ ਵਾਪਸ ਆਵੇਗਾ।