8 ਜੁਲਾਈ, (ਬਿਨੈਦੀਪ ਸਿੰਘ):- ਗਤਕਾ ਖੇਡ ਨੂੰ ਭਾਰਤ ਵਿੱਚ ਵਧਾਵਾ ਦੇਣ ਦੀ ਸੋਚ ਤਹਿਤ ਗਤਕਾ ਫੈਡਰੇਸ਼ਨ ਆਫ ਇੰਡੀਆ ਦੇ ਤਕਨੀਕੀ ਡਾਇਰੈਕਟਰ ਅਤੇ ਮਾਹਿਰ ਗਤਕਾ ਖਿਡਾਰੀ ਮਨਵਿੰਦਰ ਸਿੰਘ ਵਿੱਕੀ ਵੱਲੋਂ 11 ਅਤੇ 12 ਜੁਲਾਈ 2025 ਨੂੰ ਮੱਧ ਪ੍ਰਦੇਸ਼ ਵਿੱਚ ਇੱਕ ਵਿਸ਼ੇਸ਼ ਦੋ ਰੋਜ਼ਾ ਗਤਕਾ ਟ੍ਰੇਨਿੰਗ ਕੈਂਪ ਆਯੋਜਿਤ ਕੀਤਾ ਜਾ ਰਿਹਾ ਹੈ।
ਮਨਵਿੰਦਰ ਸਿੰਘ ਵਿੱਕੀ ਨੇ ਦੱਸਿਆ ਕਿ ਇਹ ਟ੍ਰੇਨਿੰਗ ਕੈਂਪ ਮੱਧ ਪ੍ਰਦੇਸ਼ ਦੇ ਵੱਖ-ਵੱਖ ਸਕੂਲਾਂ ਤੇ ਕਾਲਜਾਂ ਵਿੱਚ ਹੋਵੇਗਾ, ਜਿੱਥੇ ਬੱਚਿਆਂ ਨੂੰ ਗਤਕੇ ਦੀਆਂ ਤਕਨੀਕਾਂ ਅਤੇ ਬਰੀਕੀਆਂ ਬਾਰੇ ਵਿਸਥਾਰ ਨਾਲ ਸਿਖਾਇਆ ਜਾਵੇਗਾ।
ਉਹ ਕਈ ਸਾਲਾਂ ਤੋਂ ਭਾਰਤ ਦੇ ਵੱਖ ਵੱਖ ਰਾਜਾਂ ਵਿੱਚ ਗਤਕਾ ਪ੍ਰਚਾਰ ਲਈ ਟ੍ਰੇਨਿੰਗ ਕੈਂਪ ਲਗਾ ਚੁੱਕੇ ਹਨ। ਇਸ ਦੌਰਾਨ ਉਹ ਖੇਡ ਵਿਭਾਗ ਦੇ ਅਧਿਕਾਰੀਆਂ ਨਾਲ ਮੁਲਾਕਾਤਾਂ ਕਰਕੇ ਗਤਕੇ ਨੂੰ ਹੋਰ ਆਧਿਕਾਰਿਕ ਪੱਧਰ ’ਤੇ ਲੈ ਜਾਣ ਦੀ ਕੋਸ਼ਿਸ਼ ਵੀ ਕਰ ਰਹੇ ਹਨ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਗਤਕਾ ਸਿਰਫ਼ ਖੇਡ ਨਹੀਂ, ਸਗੋਂ ਪੰਜਾਬੀ ਸਭਿਆਚਾਰ ਅਤੇ ਇਤਿਹਾਸਕ ਵਿਰਾਸਤ ਦਾ ਅਟੁੱਟ ਹਿੱਸਾ ਹੈ ਜੋ ਹੁਣ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਨਵੀਂ ਪੀੜ੍ਹੀ ਦੁਆਰਾ ਰੁਚੀ ਨਾਲ ਸਿੱਖਿਆ ਜਾ ਰਿਹਾ ਹੈ।