ਸ੍ਰੀ ਦਰਬਾਰ ਸਾਹਿਬ ਨਜ਼ਦੀਕ ਗੁਟਕਾ ਸਾਹਿਬ ਦੀ ਬੇਅਦਬੀ ਦੀ ਘਟਨਾ, ਐਸ. ਜੀ. ਪੀ. ਸੀ. ਪ੍ਰਧਾਨ ਨੇ ਕੀਤੀ ਨਿਖੇਧੀ

ਅੰਮ੍ਰਿਤਸਰ, 3 ਜੂਨ 2025:ਸ੍ਰੀ ਹਰਿਮੰਦਰ ਸਾਹਿਬ ਦੇ ਨੇੜੇ ਗੁਟਕਾ ਸਾਹਿਬ ਦੀ ਬੇਅਦਬੀ ਦੀ ਇਕ ਦੁਖਦਾਈ ਘਟਨਾ ਸਾਹਮਣੇ ਆਈ ਹੈ, ਜਿਸ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਖ਼ਤ ਰਵੱਈਆ ਅਪਣਾਉਂਦੇ ਹੋਏ ਨਿੰਦਾ ਪ੍ਰਗਟਾਈ ਹੈ।

ਮਿੱਲੀ ਜਾਣਕਾਰੀ ਅਨੁਸਾਰ ਰਾਤ ਕਰੀਬ 10:30 ਵਜੇ ਦੇ ਸਮੇਂ ਇਕ ਵਿਅਕਤੀ ਵੱਲੋਂ ਗੁਰਬਾਣੀ ਦੇ ਪਵਿੱਤਰ ਗੁਟਕਾ ਸਾਹਿਬ ਦੇ ਅੰਗਾਂ ਦੀ ਬੇਅਦਬੀ ਕੀਤੀ ਗਈ। ਮੌਕੇ ’ਤੇ ਹੀ ਸੁਰੱਖਿਆ ਅਧਿਕਾਰੀਆਂ ਵੱਲੋਂ ਦੋਸ਼ੀ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ, ਜਿਸ ਦੀ ਪਛਾਣ ਅੰਮ੍ਰਿਤਸਰ ਨਿਵਾਸੀ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ।

ਐਡਵੋਕੇਟ ਧਾਮੀ ਨੇ ਕਿਹਾ ਕਿ ਇਹ ਘਟਨਾ ਸਿੱਖ ਕੌਮ ਦੀ ਧਾਰਮਿਕ ਅਸਥਾ ਤੇ ਸਿੱਧਾ ਹਮਲਾ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਦੋਸ਼ੀ ਵਿਅਕਤੀ ਦੇ ਨਾਲ-ਨਾਲ ਅਜਿਹੀ ਘਟਨਾ ਪਿੱਛੇ ਹੋ ਸਕਦੀ ਕਿਸੇ ਵੀ ਸਾਜ਼ਿਸ਼ ਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਸਰਕਾਰ ਨੂੰ ਹਲਕਾ ਲੈਣ ਦੀ ਨੀਤੀ ਦੀ ਕੜੀ ਆਲੋਚਨਾ ਕਰਦੇ ਹੋਏ ਕਿਹਾ ਕਿ ਹਰ ਵਾਰੀ ਬੇਅਦਬੀ ਕਰਨ ਵਾਲਿਆਂ ਨੂੰ “ਮਾਨਸਿਕ ਰੋਗੀ” ਘੋਸ਼ਿਤ ਕਰ ਦੇਣਾ ਇਕ ਚਿੰਤਾਜਨਕ ਰਵੱਈਆ ਹੈ।

ਉਨ੍ਹਾਂ ਪੁਲਿਸ ਪ੍ਰਸ਼ਾਸਨ ਨੂੰ ਆਗਾਹ ਕੀਤਾ ਕਿ ਜਾਂਚ ਡੂੰਘਾਈ ਨਾਲ ਹੋਣੀ ਚਾਹੀਦੀ ਹੈ ਅਤੇ ਦੋਸ਼ੀਆਂ ਨੂੰ ਕਾਨੂੰਨੀ ਤੌਰ ’ਤੇ ਮਿਸਾਲੀ ਸਜ਼ਾ ਮਿਲਣੀ ਚਾਹੀਦੀ ਹੈ, ਤਾਂ ਜੋ ਭਵਿੱਖ ’ਚ ਅਜਿਹੀਆਂ ਘਟਨਾਵਾਂ ਰੋਕੀਆਂ ਜਾ ਸਕਣ।

ਇਹ ਵੀ ਯਾਦ ਰਖਣਯੋਗ ਹੈ ਕਿ ਜੂਨ ਮਹੀਨਾ ਸਿੱਖ ਇਤਿਹਾਸ ਵਿਚ ਵੱਡੀ ਸੰਵੇਦਨਸ਼ੀਲਤਾ ਰੱਖਦਾ ਹੈ, ਕਿਉਂਕਿ 1984 ਵਿਚ ਇਸ ਮਹੀਨੇ ਦੌਰਾਨ ਸ੍ਰੀ ਦਰਬਾਰ ਸਾਹਿਬ ’ਤੇ ਫੌਜੀ ਹਮਲਾ ਹੋਇਆ ਸੀ। ਅਜਿਹੇ ਸਮੇਂ ਵਿਚ ਧਾਰਮਿਕ ਅਸਥਾਨ ਦੇ ਨੇੜੇ ਹੋਈ ਇਹ ਘਟਨਾ ਸਿੱਖ ਭਾਵਨਾਵਾਂ ਨੂੰ ਹੋਰ ਠੇਸ ਪਹੁੰਚਾਉਂਦੀ ਹੈ।

ਸ਼੍ਰੋਮਣੀ ਕਮੇਟੀ ਵੱਲੋਂ ਪੁਲਿਸ ਕੋਲ ਉਚਿਤ ਕਾਰਵਾਈ ਲਈ ਲਿਖਤੀ ਸ਼ਿਕਾਇਤ ਦਰਜ ਕਰਵਾਈ ਗਈ ਹੈ।