ਕੁਵੈਤ ’ਚ ਵਿਦੇਸ਼ੀ ਝੰਡਿਆਂ ਦੀ ਪ੍ਰਦਰਸ਼ਨੀ ’ਤੇ ਪਾਬੰਦੀ, ਬਿਨਾਂ ਮਨਜ਼ੂਰੀ ਨਹੀਂ ਲਹਿਰਾ ਸਕੇਗਾ ਕੋਈ ਵੀ ਝੰਡਾ

ਕੁਵੈਤ 09 ਜੂਨ 2025: ਕੁਵੈਤ ਨੇ 2025 ਵਿੱਚ ਨਵੇਂ ਡਿਕਰੀ-ਕਾਨੂੰਨ ਨੰਬਰ 73 ਤਹਿਤ ਆਪਣੇ ਰਾਸ਼ਟਰੀ ਝੰਡਾ ਕੋਡ ਵਿੱਚ ਸੋਧ ਕਰਦਿਆਂ ਵਿਦੇਸ਼ੀ ਝੰਡਿਆਂ ਦੀ ਪ੍ਰਦਰਸ਼ਨੀ ਉੱਤੇ ਨਵੇਂ ਨਿਯਮ ਲਾਗੂ ਕੀਤੇ ਹਨ।

ਨਵੇਂ ਕਾਨੂੰਨ ਅਧੀਨ, ਹੁਣ ਕਿਸੇ ਵੀ ਵਿਅਕਤੀ ਨੂੰ ਬਿਨਾਂ ਗ੍ਰਹਿ ਮੰਤਰਾਲੇ ਦੀ ਪੂਰਵ ਮਨਜ਼ੂਰੀ ਤੋਂ ਕਿਸੇ ਵੀ ਵਿਦੇਸ਼ੀ ਦੇਸ਼ ਦਾ ਝੰਡਾ ਲਹਿਰਾਉਣ ਦੀ ਆਗਿਆ ਨਹੀਂ ਹੋਵੇਗੀ — ਚਾਹੇ ਆਮ ਦਿਨ ਹੋਣ, ਕਿਸੇ ਪ੍ਰਾਈਵੇਟ ਜਾਂ ਸਰਕਾਰੀ ਸਮਾਗਮ ਦੌਰਾਨ, ਜਾਂ ਉਹਨਾਂ ਦੇਸ਼ਾਂ ਦੇ ਕੌਮੀ ਤਿਉਹਾਰਾਂ ’ਤੇ।

ਇਸ ਵਿੱਚ ਇਕੋ ਛੋਟ ਮਿਲੇਗੀ ਜਦੋਂ ਕੁਵੈਤ ਵਿੱਚ ਅੰਤਰਰਾਸ਼ਟਰੀ ਜਾਂ ਖੇਤਰੀ ਖੇਡਾਂ ਵਿੱਚ ਉਨ੍ਹਾਂ ਦੇਸ਼ਾਂ ਦੀ ਸ਼ਮੂਲੀਅਤ ਹੋਵੇ।

ਇਸ ਦੇ ਨਾਲ:

ਧਾਰਮਿਕ, ਸਮਾਜਕ, ਕਬੀਲਾਈ ਜਾਂ ਫਿਰਕਾਵਾਰ ਝੰਡਿਆਂ ਅਤੇ ਨਾਅਰਿਆਂ ’ਤੇ ਵੀ ਪਾਬੰਦੀ ਲਾਈ ਗਈ ਹੈ। ਸਿਰਫ਼ ਮੰਨਯਤਾ-ਪ੍ਰਾਪਤ ਸਪੋਰਟਸ ਕਲੱਬਾਂ ਦੇ ਝੰਡੇ ਜਾਂ ਲੋਗੋ ਦੀ ਆਗਿਆ ਹੋਵੇਗੀ।

ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨੂੰ:

ਛੇ ਮਹੀਨੇ ਤੱਕ ਦੀ ਕੈਦ ਜਾਂ KD 1,000 ਤੋਂ KD 2,000 ਤੱਕ ਦਾ ਜੁਰਮਾਨਾ ਜਾਂ ਦੋਹਾਂ ਸਜ਼ਾਵਾਂ ਇੱਕਠੀਆਂ ਵੀ ਹੋ ਸਕਦੀਆਂ ਹਨ।

ਇਹ ਨਵੀਂ ਪਾਲਿਸੀ ਰਾਸ਼ਟਰੀ ਏਕਤਾ , ਅਮਨ -ਸ਼ਾਂਤੀ ਅਤੇ ਕਾਨੂੰਨੀ ਪਰਬੰਧਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਲਾਗੂ ਕੀਤੀ ਗਈ ਹੈ।