ਕੁਵੈਤ ਵਿੱਚ ਵੱਡਾ ਵੀਜ਼ਾ ਰੈਕਟ ਬੇਨਕਾਬ – ਪਾਕਿਸਤਾਨੀ ਵੱਲੋਂ 650 ਦਿਨਾਰ ਦੇ ਕੇ ਵੀਜ਼ਾ ਲੈਣ ਦਾ ਖੁਲਾਸਾ

ਕੁਵੈਤ ਸਿਟੀ, 23 ਜੁਲਾਈ(ਵੈੱਬ ਡੈਸਕ) – ਗ੍ਰਹਿ ਮੰਤਰੀ ਸ਼ੇਖ ਫਹਦ ਯੂਸੁਫ ਸਾਉਦ ਅਲ-ਸਬਾਹ ਦੀ ਹਦਾਇਤਾਂ ਅਨੁਸਾਰ ਮਨੁੱਖੀ ਤਸਕਰੀ ਅਤੇ ਗੈਰਕਾਨੂੰਨੀ ਰਹਾਇਸ਼ ਖਿਲਾਫ਼ ਚਲ ਰਹੀ ਮੁਹਿੰਮ ਦੌਰਾਨ, ਕੁਵੈਤ ਦੇ ਰਹਾਇਸ਼ ਮਾਮਲਿਆਂ ਦੀ ਜਾਂਚ ਵਿਭਾਗ ਨੇ ਇਕ ਵੱਡਾ ਨੈੱਟਵਰਕ ਬੇਨਕਾਬ ਕੀਤਾ ਹੈ, ਜੋ ਪੈਸਿਆਂ ਦੇ ਬਦਲੇ ਗੈਰਕਾਨੂੰਨੀ ਰਿਹਾਇਸ਼ ਪਰਮਿਟ ਜਾਰੀ ਕਰਦਾ ਸੀ।

ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਇੱਕ ਪਾਕਿਸਤਾਨੀ ਨਾਗਰਿਕ ਨੇ ਸ਼ਿਕਾਇਤ ਕੀਤੀ ਕਿ ਉਸਨੇ ਵੀਜ਼ਾ ਲਈ ਇੱਕ ਹੋਰ ਪਾਕਿਸਤਾਨੀ, ਯਾਸਿਰ ਬਿਲਾਲ ਮੁਹੰਮਦ ਨੂੰ 650 ਦਿਨਾਰ ਅਦਾ ਕੀਤੇ। ਯਾਸਿਰ ਨੇ ਪੁਲਿਸ ਸਾਹਮਣੇ ਕਬੂਲਿਆ ਕਿ ਉਹ 11 ਕੰਪਨੀਆਂ ਵਿੱਚ ਸਾਥੀ ਹੈ ਜਿੱਥੇ 162 ਕਰਮਚਾਰੀ ਦਰਜ ਹਨ। ਕਈ ਕਰਮਚਾਰੀਆਂ ਨੇ ਪੁਸ਼ਟੀ ਕੀਤੀ ਕਿ ਉਹਨਾਂ ਨੇ ਵੀਜ਼ਾ ਲਈ 500 ਤੋਂ 900 ਦਿਨਾਰ ਤੱਕ ਭੁਗਤਾਨ ਕੀਤਾ।

ਜਾਂਚ ਦੌਰਾਨ, ਕੁਝ ਲੋਕਾਂ ਨੇ ਮੰਨਿਆ ਕਿ ਉਹਨਾਂ ਨੇ 60 ਤੋਂ 70 ਦਿਨਾਰ ਵਾਧੂ ਦਿੱਤੇ ਤਾਂ ਜੋ ਉਹਨਾਂ ਦੇ ਕੰਟਰੈਕਟ ’ਤੇ ਨਕਲੀ ਤਨਖ਼ਾਹ ਦਰਜ ਕੀਤੀ ਜਾ ਸਕੇ, ਜਿਸ ਨਾਲ ਉਹ ਪਰਿਵਾਰਕ ਵੀਜ਼ਾ ਲਈ ਯੋਗ ਹੋ ਸਕਣ।

11 ਕੰਪਨੀਆਂ ਦੇ ਅਧਿਕਾਰਿਤ ਹਸਤਾਖਰ ਕਰਨ ਵਾਲੇ ਫਹਦ ਅਲ-ਇਨੇਜ਼ੀ ਨੇ ਵੀ ਕਬੂਲਿਆ ਕਿ ਉਹ ਹਰ ਮਹੀਨੇ 500-600 ਦਿਨਾਰ ਲੈਂਦਾ ਸੀ ਅਤੇ “ਸਾਹਲ” ਐਪ ਰਾਹੀਂ ਸਰਕਾਰੀ ਮਜ਼ਦੂਰੀ ਅਥਾਰਟੀ ਤੋਂ ਵਰਕ ਪਰਮਿਟ ਅਤੇ ਨੋਟੀਫਿਕੇਸ਼ਨ ਐਕਸੈਸ ਕਰਦਾ ਸੀ।

ਕੁੱਲ 12 ਲੋਕਾਂ ਨੂੰ ਪਬਲਿਕ ਪ੍ਰੋਸੀਕਿਊਸ਼ਨ ਨੂੰ ਭੇਜਿਆ ਗਿਆ ਹੈ ਅਤੇ ਜਾਂਚ ਜਾਰੀ ਹੈ। ਕੰਪਨੀਆਂ ਦੇ ਦਫ਼ਤਰਾਂ ਵਿੱਚ ਛਾਪੇਮਾਰੀ ਤੇ ਦਸਤਾਵੇਜ਼ ਜ਼ਬਤ ਕੀਤੇ ਜਾ ਰਹੇ ਹਨ।