ਪੇਰਾਕ, ਮਲੇਸ਼ੀਆ – 9 ਜੂਨ 2025: ਉੱਤਰੀ ਮਲੇਸ਼ੀਆ ਵਿੱਚ ਸੋਮਵਾਰ ਤੜਕੇ ਹੋਏ ਇੱਕ ਭਿਆਨਕ ਸੜਕ ਹਾਦਸੇ ’ਚ ਘੱਟੋ ਘੱਟ 15 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚ ਯੂਨੀਵਰਸਿਟੀ ਦੇ ਵਿਦਿਆਰਥੀ ਵੀ ਸ਼ਾਮਿਲ ਸਨ। ਇਹ ਹਾਦਸਾ ਥਾਈਲੈਂਡ ਸਰਹੱਦ ਦੇ ਨੇੜੇ ਈਸਟ-ਵੈਸਟ ਹਾਈਵੇ ’ਤੇ ਵਾਪਰਿਆ, ਜਿੱਥੇ ਇੱਕ ਬੱਸ ਅਤੇ ਮਿਨੀਵੈਨ ਦੀ ਟੱਕਰ ਹੋ ਗਈ।
ਸੂਚਨਾ ਮੁਤਾਬਕ, ਬੱਸ ਸਲਤਨ ਇਦਰੀਸ ਐਜੂਕੇਸ਼ਨ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਲੈ ਕੇ ਜਾ ਰਹੀ ਸੀ। ਹਾਦਸਾ ਸਥਾਨਕ ਸਮੇਂ ਅਨੁਸਾਰ ਸਵੇਰੇ 1 ਵਜੇ ਹੋਇਆ। 13 ਲੋਕਾਂ ਦੀ ਮੌਤ ਮੌਕੇ ’ਤੇ ਹੋ ਗਈ ਜਦਕਿ 2 ਹੋਰ ਨੇ ਹਸਪਤਾਲ ’ਚ ਦਮ ਤੋੜਿਆ। ਹਾਦਸੇ ’ਚ 31 ਲੋਕ ਜ਼ਖ਼ਮੀ ਹੋਏ ਹਨ।
ਪੇਰਾਕ ਰਾਜ ਦੀ ਆਫ਼ਤ ਪ੍ਰਬੰਧਨ ਏਜੰਸੀ ਨੇ ਦੱਸਿਆ, “ਬੱਸ ਉਲਟ ਗਈ ਤੇ ਮਿਨੀਵੈਨ ਖੱਡ ਵਿੱਚ ਜਾ ਗਿਰੀ। ਕੁਝ ਲੋਕ ਆਪਣੀ ਮਦਦ ਨਾਲ ਬਾਹਰ ਨਿਕਲੇ, ਕੁਝ ਬੱਸ ਤੋਂ ਸੁੱਟੇ ਗਏ, ਜਦਕਿ ਕਈ ਅੰਦਰ ਹੀ ਫੱਸੇ ਰਹੇ।”
ਕਈ ਜ਼ਖ਼ਮੀਆਂ ਨੂੰ ਬੱਸ ਵਿੱਚੋਂ ਕੱਢਣ ਲਈ ਹਾਈਡ੍ਰੌਲਿਕ ਕਟਰ ਦੀ ਵਰਤੋਂ ਕੀਤੀ ਗਈ।
ਮਲੇਸ਼ੀਆ ਵਿੱਚ ਸੜਕ ਹਾਦਸਿਆਂ ਦੀ ਦਰ ਉੱਚੀ ਰਹੀ ਹੈ। ਮਾਰਚ ਮਹੀਨੇ ‘ਦਿ ਸਟਾਰ’ ਅਖ਼ਬਾਰ ਨੇ ਰਿਪੋਰਟ ਕੀਤਾ ਸੀ ਕਿ ਦੇਸ਼ ਦੀਆਂ ਸੜਕਾਂ ’ਤੇ ਲਗਭਗ ਹਰ 2 ਘੰਟੇ ਵਿੱਚ ਇੱਕ ਜਾਨ ਜਾਂਦੀ ਹੈ।
ਪੁਲਿਸ ਵੱਲੋਂ ਹਾਦਸੇ ਦੀ ਜਾਂਚ ਜਾਰੀ ਹੈ।