19 ਜੂਨ (ਆਕਲੈਂਡ) ਵੈੱਬ ਡੈਸਕ : ਇੱਕ ਸਦੀ ਤੋਂ ਵੱਧ ਪੁਰਾਣੇ ਸਮੁੰਦਰੀ ਸਫਰ ਦੀ ਯਾਦ ਨੂੰ ਸਾਂਭਦੇ ਹੋਏ, ਪੰਜਾਬੀ ਪਰਵਾਸੀਆਂ ਦੇ ਨਿਊਜ਼ੀਲੈਂਡ ਪਹੁੰਚਣ ਦੀ ਕਹਾਣੀ ਹੁਣ ਪਰਦੇ ‘ਤੇ ਆ ਗਈ ਹੈ। “ਪੰਜਾਬ ਤੋਂ ਓਟਿਆਰੋਆ” ਨਾਮਕ ਡਾਕੂਮੈਂਟਰੀ ਨੇ ਔਕਲੈਂਡ ਦੇ ਬੋਟਨੀ ਸਿਨੇਮਾ ਹਾਲ ਵਿੱਚ ਆਪਣੀ ਦੂਜੀ ਵਿਸ਼ੇਸ਼ ਸਕਰੀਨਿੰਗ ਨਾਲ ਦਰਸ਼ਕਾਂ ਦੇ ਦਿਲ ਜਿੱਤ ਲਿਆ ।
ਇਸ ਪ੍ਰੋਜੈਕਟ ਦੇ ਆਰੰਭਕ ਸ. ਹਰਜੋਤ ਸਿੰਘ, ਸ. ਪਰਮਿੰਦਰ ਸਿੰਘ ਅਤੇ ਸ. ਨਵਤੇਜ ਸਿੰਘ ਹਨ, ਜਿਨ੍ਹਾਂ ਨੇ ਇਤਿਹਾਸ, ਸੱਭਿਆਚਾਰ ਤੇ ਧਰਮ ਦੀ ਪਾਰੰਪਰਿਕ ਲਗਨ ਨੂੰ ਵਿਜ਼ੂਅਲ ਰੂਪ ਵਿੱਚ ਬਾਖੂਬੀ ਪੇਸ਼ ਕੀਤਾ।
ਸਕਰੀਨਿੰਗ ਦੌਰਾਨ ਸ. ਨਵਤੇਜ ਸਿੰਘ ਰੰਧਾਵਾ ਨੇ ਸੱਭ ਦੇ ਆਉਣ ਦਾ ਦਿਲੋਂ ਧੰਨਵਾਦ ਕੀਤਾ ਅਤੇ ਸ. ਪਰਮਿੰਦਰ ਸਿੰਘ ਪਾਪਾਟੋਏਟੋਏ ਨੇ ਨਿਰਦੇਸ਼ਕ ਗਗਨ ਸੰਧੂ ਤੇ ਸ. ਹਰਜੋਤ ਸਿੰਘ ਨੂੰ ਸਟੇਜ ਤੇ ਸੱਦ ਓਹਨਾ ਦੇ ਕੰਮ ਦੀ ਪ੍ਰਸੰਸਾ ਕੀਤਾ।
ਇਹ ਡਾਕੂਮੈਂਟਰੀ ਨਾ ਸਿਰਫ਼ ਇਤਿਹਾਸ ਬਾਰੇ ਜਾਣਕਾਰੀ ਦਿੰਦੀ ਹੈ, ਸਗੋਂ ਇਹ ਵੀ ਦਿਖਾਉਂਦੀ ਹੈ ਕਿ ਪੰਜਾਬੀ ਪਰਵਾਸੀਆਂ ਨੇ ਨਵੀਂ ਧਰਤੀ ‘ਤੇ ਆਪਣੀ ਪਛਾਣ, ਭਾਸ਼ਾ ਨੂੰ ਕਿਵੇਂ ਜਿਉਂਦਾ ਰੱਖਿਆ।
ਡਾਕੂਮੈਂਟਰੀ ਦਾ ਅਗਲਾ ਪ੍ਰੀਮੀਅਰ ਹੈਮਿਲਟਨ ਵਿੱਚ ਹੋਣ ਵਾਲਾ ਹੈ, ਜਿਸ ‘ਚ ਹੋਰ ਨਵੇਂ ਦਰਸ਼ਕ ਇਸ ਇਤਿਹਾਸਕ ਫ਼ਿਲਮ ਨਾਲ ਰੂਬਰੂ ਹੋ ਸਕਣਗੇ।