ਆਕਲੈਂਡ, 15 ਜੂਨ:
ਆਕਲੈਂਡ ਦੇ ਕੇਂਦਰੀ ਹਿੱਸੇ ਵਿਚ ਸਥਿਤ ਨਿਊ ਵਰਲਡ ਸੁਪਰਮਾਰਕੀਟ, ਵਿਕਟੋਰੀਆ ਪਾਰਕ ਵਿੱਚ ਅੱਜ ਸਵੇਰੇ ਇੱਕ ਭਿਆਨਕ ਅੱਗ ਲੱਗ ਗਈ, ਜਿਸ ਨਾਲ ਪੂਰੇ ਸ਼ਹਿਰ ਵਿੱਚ ਮੋਟਾ ਕਾਲਾ ਧੂੰਆਂ ਫੈਲ ਗਿਆ।
ਅੱਗ ਲੱਗਣ ਦੀ ਘਟਨਾ ਸਵੇਰੇ 11:20 ਵਜੇ ਦੇ ਲਗਭਗ ਵਾਪਰੀ, ਜਿਸ ਨਾਲ ਸੂਪਰਮਾਰਕੀਟ ਦੇ ਗਾਹਕ ਘਬਰਾ ਕੇ ਟਰਾਲੀਆਂ ਛੱਡ ਕੇ ਬਾਹਰ ਨਿਕਲ ਗਏ। ਫਾਇਰ ਐਂਡ ਇਮਰਜੈਂਸੀ ਨਿਊਜ਼ੀਲੈਂਡ (FENZ) ਨੇ ਤੁਰੰਤ ਮੋਬਾਈਲ ਅਲਰਟ ਜਾਰੀ ਕਰਕੇ ਲੋਕਾਂ ਨੂੰ ਚੇਤਾਵਨੀ ਦਿੱਤੀ ਕਿ ਧੂੰਆਂ ਦੱਖਣ-ਪੱਛਮ ਦਿਸ਼ਾ ਵੱਲ ਫੈਲ ਰਿਹਾ ਹੈ, ਅਤੇ ਲੋਕ ਖਿੜਕੀਆਂ-ਦਰਵਾਜ਼ੇ ਬੰਦ ਕਰ ਲੈਣ।
ਫ੍ਰੀਮੈਨਜ਼ ਬੇ ਸਕੂਲ ਨੇ ਸਾਰੇ ਬੱਚਿਆਂ ਨੂੰ ਅੰਦਰ ਹੀ ਰੱਖਣ ਦੇ ਨਿਰਦੇਸ਼ ਜਾਰੀ ਕੀਤੇ ਹਨ।
30 ਤੋਂ ਵੱਧ ਅੱਗ ਬੁਝਾਉਣ ਵਾਲੇ, 16 ਫਾਇਰ ਟਰੱਕ, ਅਤੇ 2 ਏਰੀਅਲ ਯੂਨਿਟਾਂ ਮੌਕੇ ’ਤੇ ਮੌਜੂਦ ਹਨ। ਆਸ-ਪਾਸ ਦੀਆਂ ਸੜਕਾਂ ਪੁਲਿਸ ਵਲੋਂ ਬੰਦ ਕਰ ਦਿੱਤੀਆਂ ਗਈਆਂ ਹਨ ਅਤੇ ਲੋਕਾਂ ਨੂੰ ਖੇਤਰ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ ਹੈ।
ਹਾਲੇ ਤੱਕ ਕਿਸੇ ਜਾਨੀ ਨੁਕਸਾਨ ਜਾਂ ਜ਼ਖ਼ਮੀਆਂ ਦੀ ਪੁਸ਼ਟੀ ਨਹੀਂ ਹੋਈ, ਅਤੇ ਸਾਰੇ ਲੋਕ ਸੁਰੱਖਿਅਤ ਤਰੀਕੇ ਨਾਲ ਬਾਹਰ ਕੱਢੇ ਜਾ ਚੁੱਕੇ ਹਨ। ਪਰ ਅੱਗ ’ਤੇ ਅਜੇ ਤੱਕ ਕੰਟਰੋਲ ਨਹੀਂ ਪਾਇਆ ਜਾ ਸਕਿਆ।
ਇਸ ਘਟਨਾ ਦੀਆਂ ਹੋਰ ਤਫ਼ਸੀਲਾਂ ਜਾਰੀ ਹਨ।